Chancellor

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਨੇ ਆਪਣੀ ਸਥਾਪਨਾ ਦੇ ਦਿਨ ਤੋਂ ਜਿੱਥੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉੱਥੇ ਨਾਲ ਹੀ ਲੋਕ-ਉਪਕਾਰ ਦੇ ਕਾਰਜਾਂ ਅਤੇ ਖਾਸ ਕਰ ਵਿੱਦਿਆ ਦੇ ਪ੍ਰਚਾਰ-ਪ੍ਰਸਾਰ ਨੂੰ ਵੀ ਆਪਣੇ ਟੀਚਿਆਂ ਵਿੱਚ ਸ਼ਾਮਿਲ ਕੀਤਾ ਹੈ। ਸੰਨ 1937 ਈ. ਵਿੱਚ ਗੁਰੂ ਨਾਨਕ ਖਾਲਸਾ ਕਾਲਜ ਮੁੰਬਈ ਤੋਂ ਸ਼ੁਰੂ ਕਰਕੇ ਬਹੁਪੱਖੀ ਸਿੱਖਿਆ ਦੀਆਂ ਵਕਾਰੀ ਅਕਾਦਮਿਕ ਸੰਸਥਾਵਾਂ ਸਥਾਪਿਤ ਕੀਤੀਆਂ ਹਨ। ਇਨ੍ਹਾਂ ਸਭ ਸੰਸਥਾਵਾਂ ਵਿੱਚੋਂ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਸਥਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦਾ ਆਪਣਾ ਖਾਸ ਮਹੱਤਵ ਅਤੇ ਮੁਕਾਮ ਹੈ।

 

ਇੱਕ ਚੰਗੇ ਸਮਾਜ ਅਤੇ ਉਸਾਰੂ ਵਿੱਦਿਆ ਦੇ ਆਪਸੀ ਸੰਬੰਧ ਆਪਣੇ-ਆਪ ਵਿੱਚ ਪ੍ਰਗਟ ਨੇਮ ਵਾਂਗ ਪ੍ਰਤੱਖ ਹਨ। ਖਾਸ ਕਰ ਅਜੋਕੇ ਵਿਗਿਆਨਕ ਦੌਰ ਵਿੱਚ ਉਚੇਰੀ ਵਿੱਦਿਆ ਹਰ ਸਮਾਜ ਦੀ ਮੁੱਢਲੀ ਲੋੜ ਬਣ ਗਈ ਹੈ। ਵਿਗਿਆਨ ਨੇ ਜਿੱਥੇ ਸਾਡੇ ਲਈ ਅਣ-ਗਿਣਤ ਸੁਖ-ਸਹੂਲਤਾਂ ਅਤੇ ਗਿਆਨ ਦੇ ਸ੍ਰੋਤ ਪੈਦਾ ਕੀਤੇ ਹਨ, ਉੱਥੇ ਸਾਡੇ ਸਾਹਮਣੇ ਵਾਤਾਵਰਨ, ਕਦਰਾਂ-ਕੀਮਤਾਂ ਅਤੇ ਭਾਈਚਾਰਕ ਸਾਂਝ ਪੱਖੋਂ ਕਈ ਚੁਣੌਤੀਆਂ ਵੀ ਖੜ੍ਹੀਆਂ ਕਰ ਦਿੱਤੀਆਂ ਹਨ। ਇਸ ਲਈ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਵਿਗਿਆਨ ਦੇ ਨਾਲ-ਨਾਲ ਨੈਤਿਕ, ਸਮਾਜਕ ਅਤੇ ਰੂਹਾਨੀ ਕਦਰਾਂ-ਕੀਮਤਾਂ ਨੂੰ ਆਪਣੇ ਪਾਠਕ੍ਰਮ ਦਾ ਹਿੱਸਾ ਬਣਾਇਆ ਜਾਵੇ। ਗੁਰਬਾਣੀ ਦਾ ਸੰਦੇਸ਼ ਹੈ ਕਿ ਅਗਿਆਨਤਾ ਪਾਪ ਦਾ ਮੂਲ ਹੈ ਅਤੇ ਗਿਆਨ ਦੇ ਪ੍ਰਗਾਸ ਰਾਹੀਂ ਅਗਿਆਨਤਾ ਦਾ ਖਾਤਮਾ ਕਰਨਾ ਗੁਰਮੁਖਾਂ ਦਾ ਫ਼ਰਜ਼ ਹੈ।

 

ਸਮੁੱਚੇ ਸਿੱਖ ਪੰਥ ਲਈ ਇਹ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ 'ਤੇ ਬਣੀ ਇਸ ਯੂਨੀਵਰਸਿਟੀ ਵਿੱਚ ਨਾ ਸਿਰਫ਼ ਲੋੜਵੰਦ ਅਤੇ ਪੇਂਡੂ ਪਿਛੋਕੜ ਵਾਲੇ ਵਿਦਿਆਰਥੀਆਂ ਨੂੰ ਵਿਦਿਆਵਾਨ ਹੋਣ ਲਈ ਪ੍ਰੇਰਨ ਹਿਤ ਯੋਗ ਵਜੀਫ਼ਿਆਂ ਦਾ ਉਪਰਾਲਾ ਕੀਤਾ ਜਾ ਰਿਹਾ ਹੈ, ਸਗੋਂ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਅਧਿਆਪਕ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਪੰਜਾਬ ਅਤੇ ਸਿੱਖ ਪੰਥ ਦਾ ਸਿਰ ਉੱਚਾ ਕਰ ਰਹੇ ਹਨ। ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਕਿ ਇਸ ਸੰਸਥਾ ਨੂੰ ਬਲ, ਉੱਦਮ ਅਤੇ ਸੇਧ ਪ੍ਰਦਾਨ ਕਰਦਿਆਂ ਇਸ ਦੀ ਸਥਾਪਤੀ ਦੇ ਮਨੋਰਥਾਂ ਨੂੰ ਪ੍ਰਾਪਤ ਕਰਨ ਦੀ ਸਮਰੱਥਾ ਬਖ਼ਸ਼ਣ। ਮੈਨੂੰ ਪੂਰਨ ਆਸ ਹੈ ਕਿ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਦੇਸ਼ ਨੂੰ ਮਨੁੱਖਤਾ ਤੱਕ ਪਹੁੰਚਾਉਂਦਿਆਂ ਬਰਾਬਰਤਾ, ਪਰਉਪਕਾਰੀ ਅਤੇ ਸਹਿਣਸ਼ੀਲ ਸਮਾਜ ਦੀ ਸਿਰਜਣਾ ਵਿੱਚ ਬਣਦਾ ਯੋਗਦਾਨ ਪਾਉਣਗੇ।

 

ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਚਾਂਸਲਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ

ਫਤਿਹਗੜ੍ਹ ਸਾਹਿਬ

For more enquiries or concerns about Admissions