ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਅਧਿਐਨ ਵਿਭਾਗ
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਸਥਾਪਿਤ ਫੈਕਲਟੀ ਆਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਟਡੀਜ਼ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਉਚੇਰੀ ਸਿੱਖਿਆ ਦੇ ਖੇਤਰ ਵਿੱਚ—ਭਾਰਤ ਵਿੱਚ ਅਤੇ ਵਿਸ਼ਵ ਪੱਧਰ ‘ਤੇ —ਇੱਕ ਅਹਿਮ ਪਹਿਲਕਦਮੀ ਹੈ। ਇਸ ਵਿਲੱਖਣ ਅਕਾਦਮਿਕ ਉਦਮ ਦੀ ਸਥਾਪਨਾ ਰਵਾਇਤੀ ਅਧਿਐਨ ਪੱਧਤੀਆਂ ਅਤੇ ਆਧੁਨਿਕ ਅਕਾਦਮਿਕ ਢਾਂਚਿਆਂ ਦੇ ਸੰਯੋਗ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ, ਸਿੱਖੀ ਅਤੇ ਵਿਸ਼ਵ ਧਰਮਾਂ ਦੀ ਡੂੰਘੀ ਅਤੇ ਵਿਦਵਤ ਸੂੂਝ ਨੂੰ ਉਤਸ਼ਾਹਿਤ ਕਰਨ ਹਿਤ ਕੀਤੀ ਗਈ ਹੈ। ਇਹ ਵਿਭਾਗ ਉੱਚ-ਪੱਧਰੀ ਖੋਜ, ਅਰਥਪੂਰਨ ਸੰਵਾਦ ਅਤੇ ਅੰਤਰ-ਸੱਭਿਆਚਾਰਕ ਸੂਝ ਨੂੰ ਵਧਾਉਣ ਲਈ ਪ੍ਰਤਿਬੱਧ ਹੈ। ਇਸ ਦੇ ਮੁੱਖ ਉਦੇਸ਼ ਹੇਠ ਲਿਖੇ ਹਨ:
* ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਵਿਸ਼ਵ ਧਰਮਾਂ ਦੇ ਬਹੁ-ਅਨੁਸ਼ਾਸਨੀ ਅਤੇ ਵਿਗਿਆਨਕ ਅਧਿਐਨ ਲਈ ਆਧੁਨਿਕ ਅਤੇ ਨਵੀਨਤਮ ਸਹੂਲਤਾਂ ਮੁਹੱਈਆ ਕਰਵਾਉਣਾ।
* ਵਿਦਿਆਰਥੀਆਂ ਅਤੇ ਖੋਜਾਰਥੀਆਂ ਨੂੰ ਅੰਤਰਰਾਸ਼ਟਰੀ ਕਾਨਫਰੰਸ, ਸੈਮੀਨਾਰ, ਅੰਤਰ-ਧਰਮ ਸੰਵਾਦ, ਵਿਸ਼ੇਸ਼ ਭਾਸ਼ਣ, ਵਰਕਸ਼ਾਪ ਅਤੇ ਖੋਜ-ਪ੍ਰਕਾਸ਼ਨਾਵਾਂ ਰਾਹੀਂ ਵਿਸ਼ਵ ਧਰਮ ਪਰੰਪਰਾ ਦੀ ਵੰਨ-ਸੁਵੰਨਤਾ ਨਾਲ ਜਾਣ-ਪਛਾਣ ਕਰਵਾਉਣਾ।
* ਵਿਸ਼ਵ ਸੱਭਿਆਚਾਰ, ਪੂਰਬੀ ਅਤੇ ਪੱਛਮੀ ਦਰਸ਼ਨ-ਪਰੰਪਰਾਵਾਂ ਅਤੇ ਵਿਸ਼ਵੀਕਰਨ ਜਿਹੀਆਂ ਆਧੁਨਿਕ ਵਿਚਾਰਧਾਰਕ ਲਹਿਰਾਂ ਦੀ ਪਰਖ- ਪੜਚੋਲ ਨੂੰ ਉਤਸ਼ਾਹਿਤ ਕਰਨਾ।
ਵਿਭਾਗ ਦਾ ਉਚੇਚਾ ਧਿਆਨ ਸਿੱਖੀ ਦੇ ਅਕਾਦਮਿਕ ਅਧਿਐਨ ‘ਤੇ ਕੇਂਦਰਿਤ ਹੈ, ਖ਼ਾਸ ਤੌਰ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ—ਇਤਿਹਾਸਕ, ਧਾਰਮਿਕ, ਸਾਹਿਤਕ, ਭਾਸ਼ਾਈ ਅਤੇ ਦਰਸ਼ਨਿਕ— ਆਦਿ ਬਹੁ-ਅਨੁਸ਼ਾਸਨੀ ਪਰਿਪੇਖ ਉਪਰ।
ਮੌਲਿਕ ਅਤੇ ਵਿਦਵਤਾਪੂਰਨ ਸਰੋਤ-ਸਮੱਗਰੀ ਤਿਆਰ ਕਰਕੇ, ਵਿਭਾਗ ਧਰਮ ਅਧਿਐਨ ਅਤੇ ਸਿੱਖ ਅਧਿਐਨ ਦੇ ਵਿਕਸਤ ਹੁੰਦੇ ਖੇਤਰ ਵਿੱਚ ਨਵੇਂ ਵਿਦਿਆਰਥੀਆਂ ਤੋਂ ਲੈ ਕੇ ਪਰਿਪਕ ਖੋਜੀਆਂ ਦਾ ਅਹਿਮ ਸਹਿਯੋਗ ਕਰ ਰਿਹਾ ਹੈ।
ਵਿਭਾਗ ਆਪਣੇ ਸਰਗਰਮ ਅਕਾਦਮਿਕ ਵਾਤਾਵਰਨ ਰਾਹੀਂ ਧਰਮ, ਨੈਤਿਕਤਾ ਅਤੇ ਅੰਤਰ-ਸੱਭਿਆਚਾਰਕ ਸਾਂਝ ਬਾਰੇ ਹੋ ਰਹੀ ਵਿਸ਼ਵ-ਪੱਧਰੀ ਚਰਚਾ ਵਿੱਚ ਲਗਾਤਾਰ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ।